ਸੈਂਟ੍ਰਲ ਅਕਾਲੀ ਦਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੈਂਟ੍ਰਲ ਅਕਾਲੀ ਦਲ: ਸ਼੍ਰੋਮਣੀ ਅਕਾਲੀ ਦਲ ਦੇ ਸਮਾਨਾਂਤਰ ਮਾਰਚ 1934 ਈ. ਨੂੰ ਬਣਾਈ ਗਈ ਇਕ ਨਵੀਂ ਪਾਰਟੀ ਜਿਸ ਦਾ ਪਹਿਲਾ ਨਾਂ ‘ਸਿੱਖ ਨੈਸ਼ਨਲ ਲੀਗ ’ ਰਖਿਆ ਗਿਆ, ਪਰ ਬਾਦ ਵਿਚ ‘ਸੈਂਟ੍ਰਲ ਅਕਾਲੀ ਦਲ’ ਨਾਂ ਨਾਲ ਬਦਲ ਦਿੱਤਾ ਗਿਆ। ਇਸ ਦੀ ਸਥਾਪਨਾ ਪਿਛੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰਲੀ ਗੁਟਬੰਦੀ ਭੂਮਿਕਾ ਨਿਭਾ ਰਹੀ ਸੀ ਜਿਸ ਦਾ ਆਰੰਭ ਸੰਨ 1925 ਈ. ਵਿਚ ਪਾਸ ਹੋਏ ਸਿੱਖ ਗੁਰਦੁਆਰਾ ਐਕਟ ਅਨੁਸਾਰ ਚਲਣ ਜਾਂ ਨ ਚਲਣ ਦੇ ਮਸਲੇ ਤੋਂ ਹੋਇਆ ਸੀ। ਇਸ ਦਲ ਦਾ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਬਣਾਇਆ ਗਿਆ ਅਤੇ ਸ. ਅਮਰ ਸਿੰਘਸ਼ੇਰੇ ਪੰਜਾਬ ’ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਗਿਆਨੀ ਸ਼ੇਰ ਸਿੰਘ ਅਤੇ ਸ. ਹਰਬੰਸ ਸਿੰਘ ਸੀਸਤਾਨੀ ਨੂੰ ਮੀਤ-ਪ੍ਰਧਾਨ ਚੁਣਿਆ ਗਿਆ। ਇਸ ਦੀ ਕਾਰਜ-ਸਾਧਕ ਕਮੇਟੀ ਵਿਚ ਹੋਰਾਂ ਤੋਂ ਇਲਾਵਾ ਸ. ਜਸਵੰਤ ਸਿੰਘ ਝਬਾਲ, ਮਾਸਟਰ ਮੋਤਾ ਸਿੰਘ ਆਨੰਦਪੁਰੀ, ਗੋਪਾਲ ਸਿੰਘ ਸਾਗਰੀ ਹੋਰਾਂ ਨੂੰ ਵੀ ਸ਼ਾਮਲ ਕੀਤਾ ਗਿਆ।

            ਇਸ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਦਾ ਮੁੱਖ ਉਦੇਸ਼ ਤਾਂ ਸਿੱਖ ਧਰਮ ਦੀ ਉਨਤੀ , ਉਸ ਦੀ ਵਖਰੀ ਪਛਾਣ ਅਤੇ ਰਾਸ਼ਟਰੀ ਪੱਧਰ ‘ਤੇ ਉਸ ਦੀ ਰਾਜਨੈਤਿਕ ਹਸਤੀ ਨੂੰ ਕਾਇਮ ਰਖਣਾ ਸੀ। ਪਰਸਪਰ ਵਿਰੋਧ ਇਸ ਗੱਲ ਦਾ ਸੀ ਕਿ ਸੈਂਟ੍ਰਲ ਅਕਾਲੀ ਦਲ ਕਾਂਗ੍ਰਸ ਨਾਲ ਮਿਲ ਕੇ ਚਲਦਾ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪ੍ਰਵਾਨ ਨਹੀਂ ਸੀ। ਇਹ ਵਿਰੋਧ ਰਾਜਨੈਤਿਕ ਪੱਧਰ ਤਕ ਹੀ ਸੀਮਿਤ ਨਹੀਂ ਸੀ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹੀ ਦੋਹਾਂ ਧੜਿਆਂ ਵਿਚ ਕਸ਼ਮਕਸ਼ ਚਲਦੀ ਰਹਿੰਦੀ ਸੀ। ਸੰਨ 1937-37 ਈ. ਦੀਆਂ ਚੋਣਾਂ ਵਿਚ ਇਸ ਦਲ ਨੇ ਖ਼ਾਲਸਾ ਨੈਸ਼ਨਲ ਪਾਰਟੀ ਦੀ ਸਹਾਇਤਾ ਕੀਤੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਮਾੜੀ ਹੋ ਗਈ। ਇਸ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਜ਼ਾਦ ਪੰਜਾਬ ਦੀ ਸਕੀਮ ਦਾ ਵੀ ਡਟ ਕੇ ਵਿਰੋਧ ਕੀਤਾ। ਇਸੇ ਤਰ੍ਹਾਂ ਦੇ ਇਸ ਦਲ ਨੇ ਹੋਰ ਵੀ ਕਈ ਯਤਨ ਕੀਤੇ ਪਰ ਇਹ ਆਪਣੀ ਸਾਖ ਬਣਾ ਨ ਸਕਿਆ, ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਕਾਰ ਨੂੰ ਘਟਾਉਂਦਾ ਜ਼ਰੂਰ ਰਿਹਾ। ਪਰ ਹੌਲੀ ਹੌਲੀ ਇਸ ਦਲ ਦੀ ਜਨ-ਪ੍ਰਵਾਨਗੀ ਘਟਦੀ ਗਈ। ਪੰਜਾਬ ਦੀ ਵੰਡ ਤੋਂ ਬਾਦ ਇਸ ਦਲ ਨੂੰ ਮੁੜ ਸੁਰਜੀਤ ਕਰਨ ਦਾ ਉਦਮ ਕੀਤਾ ਗਿਆ, ਪਰ ਸ. ਅਮਰ ਸਿੰਘ ‘ਸ਼ੇਰੇ ਪੰਜਾਬ’ ਦਾ 9 ਜੁਲਾਈ 1948 ਈ. ਵਿਚ ਦੇਹਾਂਤ ਹੋ ਜਾਣ ਕਾਰਣ ਇਸ ਦੀ ਰੂਹ ਨਿਕਲ ਗਈ ਅਤੇ ਬਾਬਾ ਖੜਕ ਸਿੰਘ ਨੇ ਬਿਰਧ ਹੋ ਜਾਣ ਕਾਰਣ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਅਕਾਲੀ ਦਲ ਦੀ ਇਸ ਧੜੇਬੰਦੀ ਨਾਲ ਕੌਮ ਦੇ ਹਿਤਾਂ ਨੂੰ ਕਾਫ਼ੀ ਖੋਰਾ ਲਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.